ਦਿੱਲੀ ਕਟੜਾ ਐਕਸਪ੍ਰੈਸ ਵੇ ਬਣਾ ਰਹੀ ਐਮ ਕੇ ਸੀ ਕੰਪਨੀ ਤੋਂ ਲੋਕ ਪਰੇਸ਼ਾਨ
ਬਿਨਾਂ ਢੱਕੇ ਤੇਜ਼ ਗਤੀ ਨਾਲ ਗੁਜਰਦੇ ਮਿੱਟੀ ਨਾਲ ਭਰੇ ਟਿੱਪਰਾਂ ਕਾਰਨ ਹੋ ਰਹੇ ਲਗਾਤਾਰ ਹਾਦਸੇ, ਗੁੱਸਾਏ ਲੋਕਾਂ ਨੇ ਕਿਹਾ ਟਿੱਪਰ ਰੋਕ ਕੇ ਕਰਾਂਗੇ ਰੋਡ ਜਾਮ
ਰੋਹਿਤ ਗੁਪਤਾ
ਗੁਰਦਾਸਪੁਰ , 27 ਅਪ੍ਰੈਲ 2024 : 670 ਕਿਲੋਮੀਟਰ ਲੰਬੇ ਬਹਾਦੁਰਗੜ ਦਿੱਲੀ ਕਟਰਾ ਹਾਈਵੇ ਦੇ ਨਿਰਮਾਣ ਕਾਰਜ ਲਈ ਐਮ ਕੇ ਸੀ ਨਾਮ ਦੀ ਕੰਪਨੀ ਵੱਲੋਂ ਖੇਤਾਂ ਵਿਚੋਂ ਮਿੱਟੀ ਦੀ ਪੁਟਾਈ ਅਤੇ ਟਿੱਪਰਾਂ ਰਾਹੀਂ ਢੋਆ ਢੁਆਈ ਕੀਤੀ ਜਾ ਰਹੀ ਹੈ ਪਰ ਕੰਪਨੀ ਦੇ ਠੇਕੇਦਾਰ ਜਿਸ ਵੀ ਏਰੀਆ ਵਿੱਚ ਜਾ ਕੇ ਆਪਣਾ ਕੰਮ ਲਗਾਉਂਦੇ ਹਨ ਉਸ ਏਰੀਏ ਦੇ ਲੋਕ ਪਰੇਸ਼ਾਨ ਹੋ ਜਾਂਦੇ ਹਨ। ਕਾਰਨ ਇਹ ਹੈ ਕਿ ਕੰਪਨੀ ਵੱਲੋਂ ਲੋਕਾਂ ਦੀ ਪਰੇਸ਼ਾਨੀ ਦਾ ਜਰਾ ਵੀ ਖਿਆਲ ਨਹੀਂ ਰੱਖਿਆ ਜਾ ਰਿਹਾ। ਪਹਿਲਾਂ ਪੰਡੋਰੀ ਰੋਡ ਤੇ ਸਥਿਤ ਗਾਜ਼ੀਕੋਟ ਦੇ ਨੇੜਲੇ ਪਿੰਡਾਂ ਦੇ ਲੋਕਾਂ ਵੱਲੋਂ ਕੰਪਨੀ ਦੀਆਂ ਗੱਡੀਆਂ, ਟਿੱਪਰ ਰੋਕ ਕੇ ਪ੍ਰਦਰਸ਼ਨ ਕੀਤਾ ਗਿਆ ਸੀ ਕਿਉਂਕਿ ਇਹ ਟਿੱਪਰ ਬਹੁਤ ਤੇਜ਼ ਗਤੀ ਵਿੱਚ ਅਤੇ ਬਿਨਾਂ ਮਿੱਟੀ ਢੱਕੇ ਗੁਜ਼ਰਦੇ ਸਨ । ਉਸ ਤੋਂ ਬਾਅਦ ਕੰਪਨੀ ਦੇ ਅਧਿਕਾਰੀ ਨੇ ਆ ਕੇ ਲੋਕਾਂ ਨੂੰ ਅਸ਼ਵਾਸਨ ਦਿੱਤਾ ਤੇ ਕੁਝ ਦਿਨ ਮਿੱਟੀ ਦੇ ਭਰੇ ਟਿੱਪਰ ਤਰਪਾਲ ਨਾਲ ਢੱਕ ਕੇ ਚਲਦੇ ਰਹੇ
ਪਰ ਹੁਣ ਫੇਰ ਕੰਪਨੀ ਨੇ ਕਸਬਾ ਕਾਹਨੂੰਵਾਨ ਦੀ ਦਾਨਾ ਮੰਡੀ ਨੇੜੇ ਵੀ ਇੱਕ ਪੈਲੀ ਠੇਕੇ ਤੇ ਲੈ ਕੇ ਮਿੱਟੀ ਦੀ ਪਟਾਈ ਸ਼ੁਰੂ ਕੀਤੀ ਹੈ ਅਤੇ ਇਸ ਪੈਲੀ ਵਿੱਚ ਦੋ ਜੇਸੀਬੀ ਅਤੇ ਦੱਸ ਦੇ ਕਰੀਬ ਟਿੱਪਰ ਮਿੱਟੀ ਦੀ ਢੋਆ ਢੁਆਈ ਲਈ ਲਗਾਏ ਹਨ। ਇੱਕ ਟਿੱਪਰ ਰੋਜ਼ਾਨਾ 15 ਚੱਕਰ ਲਗਾਉਂਦਾ ਹੈ ਤਾਂ ਇਸ ਹਿਸਾਬ ਨਾਲ ਸੜਕ ਤੇ 150 ਚੱਕਰ ਇਹ ਟਿੱਪਰ ਲਗਾ ਰਹੇ ਹਨ ਪਰ ਗਰਮੀ ਕਾਰਨ ਮਿੱਟੀ ਸੁੱਕੀ ਹੋਣ ਦੇ ਬਾਵਜੂਦ ਕੰਪਨੀ ਵੱਲੋਂ ਟਿੱਪਰ ਚਾਲਕਾ ਨੂੰ ਮਿੱਟੀ ਢੱਕ ਕੇ ਲੈ ਜਾਣ ਦੀਆਂ ਹਿਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ ਜਿਸ ਕਾਰਨ ਕਾਹਨੂੰਵਾਨ, ਸਠਿਆਲੀ, ਸਿੱਧਵਾਂ ਤਿੱਬੜ ਅਤੇ ਬੱਬੇਹਾਲੀ ਦੇ ਆਉਣ ਜਾਣ ਵਾਲੇ ਰਾਹਗੀਰ ਅਤੇ ਇਸ ਰੋਡ ਤੇ ਦੇ ਦੁਕਾਨਦਾਰ ਖਾਸੇ ਪਰੇਸ਼ਾਨ ਹਨ।
ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ, ਪ੍ਰਦੀਪ ਗਰੋਵਰ ,ਗੁਰਮੀਤ ਸਿੰਘ, ਕਾਲਾ ਕਬਾੜੀਆ, ਹਰਜੋਤ ਸਿੰਘ,ਕਾਲਾ ਸੈਦਪੁਰ ਹਾਰਨੀ, ਬੱਬੀ ਠਾਕੁਰ ਡੱਲਾ ਗੋਰੀਆ ਅਤੇ ਮਿੰਟੂ ਨੇ ਦੱਸਿਆ ਕਿ ਕੰਪਨੀ ਦੇ ਮਿੱਟੀ ਨਾਲ ਉੱਪਰ ਤੱਕ ਭਰੇ ਟਿੱਪਰ ਤੇਜਗਤੀ ਨਾਲ ਸੜਕ ਤੋਂ ਗੁਜਰਦੇ ਹਨ ਜਿਸ ਕਾਰਨ ਰੇਤਲੀ ਮਿੱਟੀ ਉੱਡ ਕੇ ਦੁਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ਵਿੱਚ ਪੈਂਦੀ ਹੈ ਅਤੇ ਨਾਲ ਹੀ ਸੜਕ ਕਿਨਾਰੇ ਇਕੱਠੀ ਹੋਈ ਜਾ ਰਹੀ ਹੈ ਜੋ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਨਹੀਂ ਕੀਤਾ ਗਿਆ ਤਾਂ ਉਹ ਕੰਪਨੀ ਦੇ ਮਿੱਟੀ ਨਾਲ ਭਰੇ ਟਿੱਪਰ ਰੋਕ ਕੇ ਰੋੜ ਜਾਮ ਕਰਨਗੇ।
ਦੂਜੇ ਪਾਸੇ ਜਦੋਂ ਇਸ ਬਾਰੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਅਭਿਸ਼ੇਕ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੰਪਨੀ ਦੇ ਅਧਿਕਾਰੀਆਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਆਪਣੇ ਟਿੱਪਰ ਚਾਲਕਾਂ ਨੂੰ ਨਿਰਦੇਸ਼ ਦੇਣ ਕਿ ਮਿੱਟੀ ਟਿੱਪਰਾਂ ਵਿੱਚ ਉੱਪਰ ਤੱਕ ਨਾ ਭਰੀ ਜਾਵੇ ਅਤੇ ਜਦੋਂ ਟਿੱਪਰ ਪੈਲੀ ਵਿੱਚੋਂ ਨਿਕਲੇ ਤਾਂ ਮਿੱਟੀ ਪੂਰੀ ਤਰ੍ਹਾਂ ਨਾਲ ਕੱਪੜੇ ਜਾਂ ਤਰਪਾਲ ਨਾਲ ਢੱਕੀ ਹੋਵੇ। ਕੰਪਨੀ ਨੂੰ ਇਹ ਵੀ ਕਿਹਾ ਗਿਆ ਹੈ ਕਿ ਟਿੱਪਰ ਚਾਲਕਾਂ ਨੂੰ ਟਿੱਪਰ ਹੋਲੀ ਚਲਾਉਣ ਦੀ ਹਿਦਾਇਤਾਂ ਦੇਣ। ਜੇਕਰ ਕੰਪਨੀ ਵੱਲੋਂ ਇਨਾ ਹਿਦਾਇਤਾਂ ਦਾ ਪਾਲਨ ਨਹੀਂ ਕੀਤਾ ਜਾਂਦਾ ਹੈ ਤਾਂ ਵਿਭਾਗ ਉਸਦੇ ਖਿਲਾਫ ਕਾਰਵਾਈ ਕਰੇਗਾ ਤੇ ਜੁਰਮਾਨਾ ਵੀ ਲਗਾਇਆ ਜਾਵੇਗਾ।